ਸਾਡੇ ਵੱਡੇ ਵਡੇਰੇ
ਕਦੀ ਕਦੀ ਚਲੇ ਜਾਂਦੇ ਸਨ ,
ਘਰ ਪਰਿਵਾਰ ਤੋਂ ਦੂਰ
ਮਨ ਦੀ ਸ਼ਾਂਤੀ ਨੂੰ ਖੋਜਣ ,
ਕਰਦੇ ਸਨ ਚੁੱਪ ਰਹਿ ਕੇ ਪ੍ਰਵਾਸ।
ਉਸ ਵੇਲੇ
ਉਹਨਾਂ ਦਾ ਜੀਵਨ
ਸੁੱਚਾ ਤੇ ਸਾਦਾ ਹੁੰਦਾ ਸੀ ।
ਹਰੇਕ ਬੰਦਾ
ਆਪਣੇ ਨਾਲ ਕੀਤਾ ਵਾਇਦਾ
ਨਿਭਾਉਂਦਾ ਹੁੰਦਾ ਸੀ ,
ਨਾ ਕਿ ਅੱਜ ਵਾਂਗ
ਬੇਵਜਹ ਮਨਾਂ ਚ ਦਹਿਸ਼ਤ ਭਰ ਕੇ
ਦਿਲ ਦੀਆਂ ਧੜਕਣਾਂ ਨੂੰ ਵਧਾਉਂਦਾ ਹੈ ।
ਉਸ ਵੇਲੇ ਦਾ ਫਲਸਫਾ ਸੀ ,
ਚਕਲਾ ਬੇਲਨ ,ਤਵਾ ਪਰਾਤ,
ਜਿੱਥੇ ਸੂਰਜ ਛੁਪਿਆ ਤੇ ਛਿਪਿਆ ,
ਉੱਥੇ ਕੱਟ ਲਵੋ ਰਾਤ ।
ਸਾਡੇ ਵੇਲੇ
ਆਲਾ ਦੁਆਲਾ ਬੜੀ ਤੇਜ਼ੀ ਨਾਲ
ਬਦਲ ਰਿਹਾ ਹੈ,
ਕੱਲ ਤੱਕ
ਸਾਡੇ ਵੱਡੇ ਵਡੇਰੇ
ਤੜਕੇ ਸਾਰ ਰੱਬ ਨੂੰ ਧਿਆਂਉਦੇ ਸਨ,
ਨਾ ਕਿ ਅੱਜ ਵਾਂਗ
ਮੋਬਾਇਲ ਉੱਤੇ ਆਪਣਾ ਧਿਆਨ ਲਗਾਉਂਦੇ ਹਨ ।
ਕਈ ਵਾਰ
ਮੈਨੂੰ ਇੰਝ ਜਾਪਦਾ ਹੈ ਕਿ
ਅਜੋਕੇ ਆਦਮੀ ਨੇ
ਆਪਣੇ ਹੱਥਾਂ ਵਿੱਚ
ਮੋਬਾਈਲ ਨਾ ਫੜ ਕੇ
ਇੱਕ ਟਾਈਮ ਬੰਬ ਫੜਿਆ ਹੋਇਆ ਹੈ ,
ਜਿਹੜਾ ਇਨਸਾਨੀ ਸਮੇਂ ਨੂੰ ਬੜੀ ਛੇਤੀ ਨਾਲ ਲੀਲ ਰਿਹਾ ਹੈ ,
ਸਾਡੀ ਹਮਦਰਦੀ, ਵੇਦਨਾ , ਸੰਵੇਦਨਾ ਨੂੰ ਸਾਥੋਂ ਛੀਨ ਰਿਹਾ ਹੈ।
ਸਾਡੇ ਬਜ਼ੁਰਗਾਂ ਵੱਡੇ ਵਡੇਰਿਆਂ ਦਾ ਪ੍ਰਵਾਸ
ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ,ਕਸਬਿਆਂ ਤੱਕ
ਸੀਮਿਤ ਹੁੰਦਾ ਸੀ,
ਮਨਾ ਦੇ ਅੰਦਰ ਅਸੀਮ ਸੁੱਖ ਅਤੇ ਸ਼ਾਂਤੀ ਦਾ ਦਾ ਅਹਿਸਾਸ ਹੁੰਦਾ ਸੀ।