Submit your work, meet writers and drop the ads. Become a member
4d
ਅੱਜ ਲੋਹੜੀ ਹੈ
ਦੁੱਲਾ ਭੱਟੀ ਨੂੰ ਯਾਦ ਕਰਨ ਦਾ ਦਿਹਾੜਾ,
ਸਾਡੇ ਪੰਜਾਬੀਆਂ ਦਾ ਰੋਬਿਨ ਹੁੱਡ ।

ਅੱਜ ਲੋੜ ਹੈ
ਇੱਕ ਵਾਰ ਫਿਰ
ਦੁੱਲਾ ਭੱਟੀ ਦੀ ,
ਪੰਜਾਬ ਦੀਆਂ ਧੀਆਂ
ਦੇਸ਼ਾਂ ਵਿਦੇਸ਼ਾਂ ਵਿੱਚ
ਖਾਂਦੀਆਂ ਪਈਆਂ ਨੇ ਧੱਕੇ ,
ਅੱਜ ਕੱਲ ਦੇ ਔਖੇ ਸਮੇਂ ਵਿੱਚ
ਉਹ ਹੋ ਜਾਂਦੀਆਂ ਹਨ
ਕਦੇ ਕਦੇ
ਸ਼ੋਸ਼ਣ ਦਾ ਸ਼ਿਕਾਰ
ਉਹ ਭਾਲ ਦੀਆਂ ਨੇ
ਦੁੱਲਾ ਭੱਟੀ ਵਰਗਾ ਪਿਓ
ਜਿਹੜਾ ਰੱਖ ਸਕੇ ਖ਼ਿਆਲ
ਧੀਆਂ ਦਾ
ਔਖੇ ਸਮੇਂ ਵਿੱਚ।
ਅੱਜ ਕੱਲ ਕੁੜੀਆਂ ਦੀਆਂ
ਲੋਹੜੀ ਮਨਾਉਣ ਦਾ
ਵੱਧ ਗਿਆ ਹੈ ਰਿਵਾਜ,
ਪਰ ਜਦੋਂ ਅਗਲੇ ਦਿਨ
ਉਨ੍ਹਾਂ ਨਾਲ ਧੱਕਾ ਹੁੰਦਾ ਵੇਖਦਾ ਹਾਂ
ਤਾਂ ਮਨ ਵਿੱਚ ਉਠੱਣ ਲੱਗ ਪੈਂਦੇ ਹਨ
ਬਹੁਤ ਸਾਰੇ ਸਵਾਲ ।
ਇਹ ਸਵਾਲ ਇਕੱਠੇ ਹੋ ਕੇ
ਦਿਲੋਂ ਦਿਮਾਗ ਵਿੱਚ
ਪੈਦਾ ਕਰ ਦਿੰਦੇ ਹਨ ਬਵਾਲ।
ਅੱਜ ਧੀਆਂ ਨੂੰ ਹੈ ਇੰਤਜ਼ਾਰ
ਦੁੱਲਾ ਭੱਟੀ ਦਾ
ਜਿਹੜਾ ਦਿਲਾ ਸਕੇ
ਜ਼ਿੰਦਗੀ ਵਿੱਚ ਸੁਰੱਖਿਆ ਦਾ ਅਹਿਸਾਸ।
ਅੱਜਕੱਲ੍ਹ ਦੁੱਲਾ ਭੱਟੀ ਵਰਗੇ ਦਿਲਾਵਰ ਅਤੇ ਬਹਾਦਰ
ਬਹੁਤ ਘੱਟ ਨਜ਼ਰ ਆਉਂਦੇ ਹਨ
ਜਿਹੜੇ ਆਪਣੇ ਰਸੂਖ਼ ਦੇ ਕਾਰਨ
ਧੀਆਂ ਦੇ ਵੈਰੀਆਂ ਨੂੰ
ਸੌਖੇ ਤੇ ਸਹਿਜੇ ਹੀ ਧੂੜ ਚੱਟਾ ਸੱਕਣ,
ਉਨ੍ਹਾਂ ਉੱਤੇ ਨਕੇਲ ਪਾਉਣ ਲਈ ਉਪਰਾਲੇ ਕਰ ਸੱਕਣ।

ਬੇਸ਼ੱਕ ਅੱਜ ਲੋਹੜੀ ਹੈ
ਤੇ ਕੱਲ ਲੋਕ ਮਾਘੀ ਵੀ ਮਨਾਉਣਗੇ,
ਪਰ ਕਦੋਂ ਉਹ ਆਪਣਾ ਸੱਚਾ ਸੁੱਚਾ ਕਿਰਦਾਰ ਨਿਭਾਉਣਗੇ ?

ਅਸੀਂ ਚਾਹੁੰਦੇ ਹਾਂ ਕਿ
ਸਭਨਾਂ ਦੀ ਲੋਹੜੀ ਖੁਸ਼ੀਆਂ ਭਰਪੂਰ ਹੋਵੇ ,
ਨਾਲ ਹੀ ਸਾਰਿਆਂ ਨੂੰ ਆਪਣੇ ਮਨਾਂ ਦੇ ਅੰਦਰ
ਕਦਰਾਂ ਤੇ ਕੀਮਤਾਂ ਦਾ ਅਹਿਸਾਸ ਹੋਵੇ।
13/01/2025.
Written by
Joginder Singh
  70
 
Please log in to view and add comments on poems